ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਤਲਾਕ ਮੰਗਣ ਦਾ ਇਕ ਬਹੁਤ ਮਜ਼ੇਦਾਰ ਕੇਸ ਸਾਹਮਣੇ ਆਇਆ ਹੈ। ਮੇਰਠ ਵਿਚ ਇਕ ਪਤੀ ਨੇ ਅਪਣੀ ਪਤਨੀ ਤੋਂ ਇਸ ਲਈ ਤਲਾਕ ਮੰਗਿਆ ਹੈ ਕਿਉਂਕਿ ਉਹ ਹਰ ਸਮੇਂ ਉਸ ਨੂੰ ਲੱਡੂ ਖਵਾਉਂਦੀ ਰਹਿੰਦੀ ਸੀ।
ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਕਿਸੇ ਤਾਂਤਰਿਕ ਦੇ ਕਹਿਣ ‘ਤੇ ਅਜਿਹਾ ਕਰ ਰਹੀ ਹੈ। ਪਤੀ ਨੇ ਦੱਸਿਆ ਕਿ ਉਹ ਕੁਝ ਸਮੇਂ ਪਹਿਲਾਂ ਬਿਮਾਰ ਹੋ ਗਿਆ ਸੀ, ਉਸ ਸਮੇਂ ਉਸ ਦੀ ਪਤਨੀ ਕਿਸੇ ਤਾਂਤਰਿਕ ਕੋਲ ਗਈ ਸੀ, ਜਿਸ ਨੇ ਉਸ ਨੂੰ ਪਤੀ ਨੂੰ ਲੱਡੂ ਖਵਾਉਣ ਦੀ ਸਲਾਹ ਦਿੱਤੀ ਸੀ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਤੀ-ਪਤਨੀ ਨੂੰ ਸਹਿਮਤੀ ਲਈ ਮਸ਼ਵਰਾ ਕੇਂਦਰ ਵਿਚ ਬੁਲਾਇਆ ਗਿਆ। ਇੱਥੇ ਅਧਿਕਾਰੀਆਂ ਨੂੰ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਸਵੇਰੇ ਚਾਰ ਅਤੇ ਸ਼ਾਮ ਨੂੰ ਵੀ ਚਾਰ ਲੱਡੂ ਖਾਣ ਲਈ ਦਿੰਦੀ ਹੈ। ਸਿਰਫ਼ ਇਹੀ ਨਹੀਂ ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਪਤਨੀ ਉਸ ਨੂੰ ਕੁਝ ਹੋਰ ਖਾਣ ਲਈ ਨਹੀਂ ਦਿੰਦੀ ਹੈ।
ਜ਼ਿਕਰਯੋਗ ਹੈ ਕਿ ਉਹਨਾਂ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ। ਮਸ਼ਵਰਾ ਕੇਂਦਰ ਦੇ ਅਧਿਕਾਰੀ ਤਲਾਕ ਲੈਣ ਦੇ ਇਸ ਕਾਰਨ ਨੂੰ ਲੈ ਕੇ ਪਰੇਸ਼ਾਨ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਸ਼ਵਰੇ ਲਈ ਉਹ ਪਤੀ-ਪਤਨੀ ਨੂੰ ਬੁਲਾ ਸਕਦੇ ਹਨ ਪਰ ਉਹ ਔਰਤ ਦੇ ਅੰਧ-ਵਿਸ਼ਵਾਸ ਦਾ ਇਲਾਜ ਨਹੀਂ ਕਰ ਸਕਦੇ।
ਉਹਨਾਂ ਕਿਹਾ ਕਿ ਔਰਤ ਨੂੰ ਯਕੀਨ ਹੈ ਕਿ ਲੱਡੂ ਉਸ ਦੇ ਪਤੀ ਨੂੰ ਠੀਕ ਕਰ ਦੇਵੇਗਾ ਅਤੇ ਇਸ ਤੋਂ ਇਲਾਵਾ ਉਹ ਕੋਈ ਹੋਰ ਗੱਲ ਮੰਨਣ ਲਈ ਤਿਆਰ ਨਹੀਂ ਹੈ।
